We will keep this page updated with details of scheduled lectures to be hosted by the Vancouver Institute
ਪੰਥਕ ਏਕਤਾ - ਜੁਗਗਰਦੀਆਂ ਦੇ ਦੌਰ ਵਿੱਚ ਸਮੇਂ ਦੀ ਮੰਗ
Delivered on Saturday, 14 September 2024, at 9:00 AM, Pacific Time
ਪੰਜਾਬੀ ਸਾਹਿਤ, ਬਿਰਤਾਂਤਿਕ ਹਿੰਸਾ, ਅਤੇ ਸਿੱਖ
ਪ੍ਰਭਸ਼ਰਨਦੀਪ ਸਿੰਘ
Delivered on Thursday, 18 July 2024, at 5 PM - 8 PM, Pacific Time
ਬਸਤੀਵਾਦ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਵਿੱਚ ਵਿੱਦਿਅਕ ਢਾਂਚੇ ਅਤੇ ਪ੍ਰਵਚਨਾਂ ਦੇ ਜ਼ੋਰ ਨਾਲ਼ ਆਪਣੀ ਬਿਰਤਾਂਤਿਕ ਇਜਾਰੇਦਾਰੀ ਬਣਾ ਲਈ। ਭਾਈ ਵੀਰ ਸਿੰਘ ਅਤੇ ਪ੍ਰੋ. ਪੂਰਨ ਸਿੰਘ ਵਰਗੇ ਮਹਾਨ ਕਵੀ-ਚਿੰਤਕਾਂ ਦੀ ਪ੍ਰਤਿਭਾ ਸਦਕਾ ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਅੰਤ ਤੱਕ ਸਿੱਖਾਂ ਨੇ ਬਸਤੀਵਾਦੀ ਪ੍ਰਵਚਨਾਂ ਨੂੰ ਅਸਰਦਾਇਕ ਨਾ ਹੋਣ ਦਿੱਤਾ। ਪਰ ਗ਼ਦਰ ਪਾਰਟੀ ਦੀ ਹਰਮਨਪਿਆਰਤਾ ਸਦਕਾ ਸਥਾਪਿਤ ਹੋਇਆ ਸੈਕੂਲਰ ਮੁਹਾਵਰਾ ਸਿੱਖਾਂ ਵਿੱਚ ਆਪਣੀ ਥਾਂ ਬਣਾ ਗਿਆ। 1930ਵਿਆਂ ਤੱਕ ਬਸਤੀਵਾਦੀ ਵਿੱਦਿਆ ਦੇ ਪ੍ਰਭਾਵ ਤਹਿਤ ਸਿੱਖਾਂ ਅੰਦਰ ਇੱਕ ਵਰਗ ਪੈਦਾ ਹੋ ਗਿਆ ਜਿਸ ਨੇ ਆਧੁਨਿਕਵਾਦੀ ਬਿਰਤਾਂਤ ਨੂੰ ਆਤਮਸਾਤ ਕਰ ਲਿਆ। ਮਾਰਕਸਵਾਦ ਪ੍ਰਤੀ ਮੌਲਿਕ ਅਧਿਐਨ ਤੋਂ ਸੱਖਣੀ ਰੋਮਾਂਚਿਕ ਪਹੁੰਚ ਨੇ ਆਧੁਨਿਕਵਾਦ ਦੀ ਜੜ੍ਹ ਲਾਉਣ ਵਿੱਚ ਵੱਡੀ ਭੂਮਿਕਾ ਨਿਭਾਈ। ਉਦੋਂ ਤੋਂ ਹੁਣ ਤੱਕ ਪੰਜਾਬੀ ਸਾਹਿਤ ਸਿੱਖਾਂ ਖ਼ਿਲਾਫ਼ ਬਿਰਤਾਂਤਿਕ ਹਿੰਸਾ ਦਾ ਮੁੱਖ ਸਾਧਨ ਬਣਿਆ ਹੋਇਆ ਹੈ। ਪੰਜਾਬ ਦੀਆਂ ਅਕਾਦਮਿਕ ਸੰਸਥਾਵਾਂ ਅਤੇ ਸਾਹਿਤਿਕ ਅਦਾਰਿਆਂ ਨੇ ਪੰਜਾਬੀ ਬੋਲੀ ਦੇ ਮੌਲਿਕ ਮੁਹਾਵਰੇ, ਪੰਜਾਬੀ ਕਵਿਤਾ ਦੇ ਸਰੋਦੀ ਰੰਗ, ਅਤੇ ਪੰਜਾਬ ਦੀ ਧਰਤੀ ਦੇ ਦਰਦਾਂ ਅਤੇ ਸਦਮਿਆਂ ਨਾਲ਼ ਦੁਸ਼ਮਣੀ ਵਰਗੀ ਬੇਗਾਨਗੀ ਪਾਲ਼ ਲਈ। ਇਸ ਨਾਲ਼ ਪਹਿਲਾਂ ਪੰਜਾਬੀ ਕਵਿਤਾ ਆਪਣੀਆਂ ਜੜ੍ਹਾਂ ਤੋਂ ਟੁੱਟੀ ਅਤੇ ਫ਼ਿਰ ਲਗਾਤਾਰ ਨਿਘਾਰ ਵੱਲ ਜਾਣ ਲੱਗ ਪਈ। ਇਸ ਬਿਰਤਾਂਤਿਕ ਹਿੰਸਾ ਨੇ ਸਿੱਖਾਂ ਖ਼ਿਲਾਫ਼ ਹਿੰਦੁਸਤਾਨੀ ਹਕੂਮਤ ਦੀ ਸੱਭਿਆਚਾਰਕ ਅਤੇ ਸਿਆਸੀ ਹਿੰਸਾ ਨੂੰ ਨਾ ਸਿਰਫ਼ ਜਾਇਜ਼ ਠਹਿਰਾਇਆ ਸਗੋਂ ਇਸ ਲਈ ਸਿੱਖਾਂ ਨੂੰ ਹੀ ਦੋਸ਼ੀ ਬਣਾ ਧਰਿਆ। ਇਸ ਵਿਚਾਰ-ਚਰਚਾ ਦੌਰਾਨ ਅਸੀਂ ਪੰਜਾਬ ਵਿੱਚ ਪ੍ਰਗਤੀਵਾਦੀ ਲਹਿਰ ਦੇ ਮੁੱਢ ਤੋਂ ਲੈ ਕੇ ਅੱਜ ਤੱਕ ਸਾਹਿਤ ਦੇ ਮਾਧਿਅਮ ਰਾਹੀਂ ਸਿੱਖਾਂ 'ਤੇ ਹੋ ਰਹੀ ਹਿੰਸਾ ਬਾਰੇ ਆਪਣਾ ਨਜ਼ਰੀਆ ਸਾਂਝਾ ਕਰਾਂਗੇ। ਇਸ ਦੇ ਨਾਲ਼ ਹੀ ਪੰਜਾਬੀ ਕਾਵਿ-ਮੁਹਾਵਰੇ ਦੇ ਮੌਲਿਕ ਰੰਗਾਂ ਅਤੇ ਇਸ ਦੇ ਭਵਿੱਖ ਬਾਰੇ ਵੀ ਵਿਚਾਰ ਕਰਾਂਗੇ।
ਘੱਲੂਘਾਰੇ ਦੇ ਚਾਲ਼ੀ ਸਾਲ
ਪ੍ਰਭਸ਼ਰਨਦੀਪ ਸਿੰਘ
Delivered on 6 June 2024, at 6 PM - 9 PM, Pacific Time
ਜੂਨ ਚੁਰਾਸੀ ਦਾ ਘੱਲੂਘਾਰਾ ਹਿੰਦੂਆਂ ਦੀ ਬਰਬਰਤਾ ਦੀ ਸਿਖਰ ਸੀ। ਇਹ ਵੀਹਵੀਂ ਸਦੀ ਵਿੱਚ ਸਿੱਖਾਂ ਦੇ ਸੀਨੇ 'ਤੇ ਵੱਜੀ ਸਭ ਤੋਂ ਵੱਡੀ ਸੱਟ ਸੀ। ਇਸ ਸਦਮੇ ਨੇ ਸਿੱਖਾਂ ਨੂੰ ਧੁਰ-ਅੰਦਰੋਂ ਹਿਲਾ ਦਿੱਤਾ। ਸਿੱਖ ਕਾਲ਼ ਦੇ ਸਿਰਜੇ ਜਨਤਕ ਪਸਾਰ ਵਿੱਚੋਂ ਉੱਖੜ ਗਏ। ਸਿੱਖਾਂ ਲਈ ਧਰਤੀ ਤੇ ਅਸਮਾਨ ਦੋਵੇਂ ਬਿਗਾਨੇ ਹੋ ਗਏ। ਸਿੱਖ ਚੇਤਨਾ ਉਜਾੜੇ ਦੇ ਸੰਤਾਪ ਵਿੱਚ ਕਲ਼ਵਲ਼ ਹੋ ਰਹੀ ਸੀ। ਕਾਲ਼ ਦੇ ਸਿਰਜੇ ਜਹਾਨ ਵਿੱਚ ਵਸਦੇ ਰਹਿਣ ਨਾਲ਼ ਸਿੱਖਾਂ ਦੇ ਮਨੋਪਸਾਰ ਦਾ ਬਸਤੀਕਰਨ ਹੋ ਗਿਆ ਸੀ। ਉੱਜੜ ਜਾਣ ਨਾਲ਼ ਸਿੱਖ ਗੁਰੂ ਨਾਨਕ ਸਾਹਿਬ ਦੇ ਦਰ ਦੇ ਸਨਮੁਖ ਹੋ ਗਏ। ਸਿੱਖਾਂ ਦੇ ਸਿੱਖੀ ਨਾਲ਼ ਨਾਤੇ ਦਾ ਅਹਿਸਾਸ ਨਵੇਂ ਜਨਮ ਵਾਂਗ ਮੁੜ ਸੁਰਜੀਤ ਹੋ ਗਿਆ। ਸਿੱਖਾਂ ਦੇ ਇਤਿਹਾਸ ਦੀ ਸ਼ਾਨ ਮੁੜ ਬੁਲੰਦ ਹੋ ਗਈ। ਨਵੇਂ ਇਤਿਹਾਸ ਦੀ ਸਿਰਜਣਾ ਨੇ ਪੁਰਾਣੇ ਇਤਿਹਾਸ ਨਾਲ਼ ਇਕਸੁਰ ਹੋਣ ਦਾ ਸਬੱਬ ਬਣਾਇਆ। ਅੱਜ ਚਾਲ਼ੀ ਸਾਲਾਂ ਬਾਅਦ ਇਹ ਸਦਮਾ ਹੋਰ ਸ਼ਿੱਦਤ ਨਾਲ਼ ਝੰਜੋੜ ਰਿਹਾ ਹੈ। ਅਹਿਸਾਸ ਦੀ ਇਸ ਸ਼ਿੱਦਤ ਵਿੱਚ ਹੀ ਜੀਵਨ ਦੀ ਬੁਲੰਦੀ ਅਤੇ ਅਗਾਂਹ ਦੇ ਸਫ਼ਰ ਪਏ ਹਨ। ਇਹ ਵਿਚਾਰ-ਚਰਚਾ ਇਹਨਾਂ ਅਹਿਸਾਸਾਂ ਨਾਲ਼ ਸਾਂਝ ਪਾਉਣ ਦਾ ਨਿਮਾਣਾ ਜਿਹਾ ਜਤਨ ਹੈ।
ਦੇਸ ਨਿਕਾਲ਼ਾ: ਜੁਗਾਂ ਤੋਂ ਪਾਰ
ਡਾ. ਗੁਰਪਾਲ ਸਿੰਘ ਸੰਧੂ
Delivered on May 20, 2024, at 6:30 PM - 8:30 PM, Pacific Time; May 21, 2024, 7 AM - 9 AM, Amritsar Time
ਪ੍ਰਭਸ਼ਰਨਦੀਪ ਸਿੰਘ ਰਚਿਤ ਦੇਸ ਨਿਕਾਲ਼ਾ ਹਿੰਸਾ, ਜਲਾਵਤਨੀ, ਕਾਲ਼, ਅਤੇ ਬੋਲੀ ਬਾਰੇ ਕਵਿਤਾਵਾਂ ਦਾ ਸੰਗ੍ਰਹਿ ਹੈ। ਇਹ ਕਵਿਤਾਵਾਂ ਉਹਨਾਂ ਸਦਮਿਆਂ ਨੂੰ ਮੁੜ ਜਿਉਂਦੀਆਂ ਹਨ ਜੋ ਕਵੀ ਅਤੇ ਉਸ ਦੀ ਕੌਮ ਸਦੀਆਂ ਤੋਂ ਝੱਲਦੇ ਆ ਰਹੇ ਹਨ। ਇਹ ਕਵਿਤਾਵਾਂ ਬੋਲੀ ਦੇ ਉਸ ਜਹਾਨ ਨੂੰ ਮੁੜ ਆਬਾਦ ਕਰਨ ਦੀ ਕੋਸ਼ਿਸ਼ ਹਨ ਜਿਸ ਨੂੰ ਸਮੇਂ ਨੇ ਬੀਤੇ ਵਿੱਚ ਧਕੇਲ਼ ਦਿੱਤਾ। ਕਵੀ ਲਈ ਦੇਸ ਨਿਕਾਲ਼ੇ ਦਾ ਅਨੁਭਵ ਮੁਲਕ ਛੱਡਣ ਦੇ ਵੇਲ਼ੇ ਤੋਂ ਪਹਿਲਾਂ ਦਾ ਅਹਿਸਾਸ ਹੈ। ਦੇਸ ਨਿਕਾਲ਼ਾ ਕਿਸੇ ਕੌਮ ਨੂੰ ਹਾਸ਼ੀਏ ’ਤੇ ਧੱਕੇ ਜਾਣ ਅਤੇ ਅਲੱਗ-ਥਲੱਗ ਕੀਤੇ ਜਾਣ ਨਾਲ਼ ਸ਼ੁਰੂ ਹੁੰਦਾ ਹੈ। ਇਹ ਬਿਰਤਾਂਤਿਕ ਹਿੰਸਾ ਨਾਲ਼ ਸ਼ੁਰੂ ਹੁੰਦਾ ਹੈ ਜੋ ਸਰੀਰਿਕ ਹਿੰਸਾ ਵਿੱਚ ਪਲ਼ਟ ਜਾਂਦੀ ਹੈ ਅਤੇ ਉਹ ਤਕਨਾਲੋਜੀਆਂ ਵਿਕਸਿਤ ਕਰਦੀ ਹੈ ਜੋ ਕਿਸੇ ਕੌਮ ਨੂੰ ਹਾਸ਼ੀਏ ’ਤੇ ਧੱਕਣ ਦੇ ਮਨਸੂਬੇ ਪੂਰੇ ਕਰਦੀਆਂ ਹਨ। ਇਹ ਕਵਿਤਾਵਾਂ ਉਹਨਾਂ ਸੰਰਚਨਾਵਾਂ ਨੂੰ ਵੰਗਾਰਦੀਆਂ ਹਨ ਜਿਹੜੀਆਂ ਹਿੰਸਾ ਨੂੰ ਆਮ ਵਰਤਾਰਾ ਬਣਾਉਂਦੀਆਂ ਹਨ, ਨਸਲਕੁਸ਼ੀ ਦੇ ਕਹਿਰ, ਤਬਾਹੀ, ਅਤੇ ਸਦਮੇ ਨੂੰ ਛੁਟਿਆਉਂਦੀਆਂ ਹਨ, ਅਤੇ ਸੱਤਾ ਨੂੰ ਚੁਣੌਤੀ ਦੇਣ ਵਾਲ਼ੀਆਂ ਆਵਾਜ਼ਾਂ ਨੂੰ ਬਦਨਾਮ ਕਰ ਪ੍ਰਭਾਵਹੀਣ ਬਣਾਉਣ ਦੇ ਮਨਸੂਬੇ ਘੜਦੀਆਂ ਹਨ।
ਦੇਸ ਨਿਕਾਲ਼ਾ: ਜੁਗਾਂ ਤੋਂ ਪਾਰ ਰਾਹੀਂ ਡਾ. ਗੁਰਪਾਲ ਸਿੰਘ ਸੰਧੂ ਪ੍ਰਭਸ਼ਰਨਦੀਪ ਸਿੰਘ ਦੀ ਕਵਿਤਾ ਦੀ ਕਿਤਾਬ ਦੇਸ ਨਿਕਾਲ਼ਾ ਬਾਰੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕਰਨਗੇ।
ਡਾ. ਗੁਰਪਾਲ ਸਿੰਘ ਸੰਧੂ ਪ੍ਰੋਫੈਸਰ ਅਤੇ ਅਕਾਦਮਿਕ ਇਨ ਚਾਰਜ, ਡਿਪਾਰਟਮੈਂਟ ਆਫ਼ ਗੁਰੂ ਨਾਨਕ ਸਿੱਖ ਸਟੱਡੀਜ਼, ਪੰਜਾਬ ਯੂਨੀਵਰਸਿਟੀ ਅਤੇ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਈਵਨਿੰਗ ਸਟੱਡੀਜ਼, ਮਲਟੀਡਿਸਿਪਲਨਰੀ ਰਿਸਰਚ ਸੈਂਟਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਡਾ. ਗੁਰਪਾਲ ਸਿੰਘ ਸੰਧੂ ਨੇ ਪੰਜਾਬੀ ਵਿੱਚ 6 ਕਿਤਾਬਾਂ ਅਤੇ 91 ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ।
Dr. Gurpal Singh Sandhu translated 2 books from Punjabi to English and published 8 research papers in English.
He Contributed 10 entries i.e. Var, Jangnama, Sad, Sithni,Chitha, Suhag, Kali, Gatha, Pattal and works of Punjabi in Encyclopaedia of Indian Poetics to be published by Sahitya Akademy,Delhi.
He is a Member Editorial Board for Encyclopaedia of Hinduism : a project of Parmath Niketan, Rishikesh and published by Rupa & Co., Ltd.
ਕਹਾਣੀ ਕਲਾ ਤੇ ਮੇਰਾ ਅਨੁਭਵ
ਡਾ. ਬਲਵਿੰਦਰ ਕੌਰ ਬਰਾੜ
Delivered on May 25 2024, at 6 PM - 9 PM Pacific Time
ਜੇ ਅਸੀਂ ਇਹ ਮੰਨਦੇ ਹਾਂ ਕਿ ਸਾਹਿਤ ਆਪਣੇ ਸਮਾਜ ਦਾ ਸ਼ੀਸ਼ਾ ਹੁੰਦਾ ਹੈ, ਤਾਂ ਕਿਸੇ ਵੀ ਕਲਾਕਾਰੀ ਰਚਨਾ ਪਿੱਛੇ ਉਸਰ ਰਿਹਾ ਸੰਸਾਰ ਉਸਦੇ ਸ਼ਬਦਾਂ ਵਿੱਚੋਂ ਸਾਹ ਲੈਂਦਾ ਦਿਸ ਪੈਂਦਾ ਹੈ। ਸਮਾਜ ਨਾਲ ਪੈਂਦੇ ਸੰਸਾਰ ਅਨੁਸਾਰ ਹੀ ਹਰ ਸਾਹਿਤਕਾਰ ਸਭ ਘਟਨਾਵਾਂ ਦੀ ਉਸਾਰੀ, ਰਚਨਾ ਦੀ ਬਣਤਰ ਅਤੇ ਬੁਣਤਰ ਸਿਰਜਦਾ ਹੈ। ਕਿਸੇ ਬਾਹਰੀ ਘਟਨਾ ਨੇ ਲੇਖਕ ਮਨ ਵਿੱਚ ਕਿੰਨੀ ਗਹਿਰੀ ਹਿਲਜੁਲ ਕੀਤੀ ਹੁੰਦੀ ਹੈ, ਸ਼ਬਦਾਂ ਤੱਕ ਪੁਜਦਿਆਂ ਉਸ ਦਾ ਅਸਰ ਹੋਰ ਵੀ ਸੰਘਣਾ ਹੋ ਜਾਂਦਾ ਹੈ। ਜਿੱਥੋਂ ਤੱਕ ਮੇਰੇ ਅਨੁਭਵ ਦੀ ਗੱਲ ਕੀਤੀ ਜਾਂਦੀ ਹੈ, ਮੇਰੇ ਅਧਿਆਪਨ ਕਾਲ ਸਮੇਂ ਮੇਰਾ ਵਾਹ ਨਿਮਨ-ਕਿਸਾਨੀ ਪਰਿਵਾਰਾਂ ਦੇ ਉਨਾਂ ਅੱਲ੍ਹੜੇ ਰੁੱਤ ਵਿਚਰਦੇ ਬੱਚਿਆਂ ਨਾਲ ਪਿਆ ਜੋ ਕੱਚੇ ਵਿਹੜਿਆਂ ਵਿੱਚ ਪਲ਼ਦੇ ਪੱਕੀਆਂ ਸਾਂਝਾਂ ਨਾਲ ਭਵਿੱਖੀ ਸੁਪਨੇ ਆਪੋ-ਆਪਣੀ ਗਰਜ ਅਨੁਸਾਰ ਦੇਖ ਰਹੇ ਸਨ। ਉਸੇ ਸਮੇਂ ਪੰਜਾਬ ਦੀ ਹਿੱਕ 'ਤੇ ਇੱਕ ਕਾਲੀ-ਬੋਲੀ ਹਨੇਰੀ ਨੇ ਇਹਨਾਂ ਦੇ ਸਭ ਸੁਪਨੇ ਮਧੋਲ ਧਰੇ। ਹਰ ਪੰਜਾਬੀ ਮਨ ਵਿਲੂੰਧਰਿਆ ਗਿਆ। ਵੇਲ਼ੇ ਦੀ ਹਕੂਮਤ ਨੂੰ ਕੋਹਝੀਆਂ ਚਾਲਾਂ ਚੱਲਣ ਮੂਹਰੇ ਹੋਈ ਵੰਗਾਰ ਗਵਾਰਾ ਨਹੀਂ ਸੀ । ਵਿਿਦਆਰਥੀਆਂ ਨੂੰ ਇਸ ਨੁਕਤੇ ਦਾ ਜਿੰਨਾ ਬੋਧ ਹੁੰਦਾ ਗਿਆ ਇਹ ਟਕਰਾ ਵੀ ਹੋਰ ਤਿੱਖਾ ਹੁੰਦਾ ਗਿਆ। ਸਰਹੱਦੀ ਸੂਬਾ ਪੰਜਾਬ ਅਜਿਹੀ ਮਾਨਸਿਕਤਾ ਪਾਲ਼ਦਾ ਆ ਰਿਹਾ ਹੈ ਕਿ ਨਾ ਕਿਸੇ ਨਾਲ ਮਾੜਾ ਕਰਨਾ ਹੈ ਤੇ ਨਾ ਹੀ ਜਰਨਾ ਹੈ । ਪਰ ਆਪਣਿਆਂ ਹੱਥੋਂ ਪੈਂਦੀ ਇਸ ਮਾਰ ਨੇ ਹਰ ਘਰ ਵਿੱਚ ਸਿਰੇ ਬਾਲ਼ ਧਰੇ । ਜਵਾਨੀ ਨੂੰ ਅਜਾਈ ਜਾਂਦੀ ਵੇਖ ਹਰ ਜਵਾਨ ਹਿਰਦਾ ਜੋ ਜਾਗਦੀ ਰੂਹ ਰੱਖਦਾ ਸੀ ਆਪਣੇ ਮੱਥੇ 'ਤੇ ਮਰਜੰੂ ਜਾਂ ਮਾਰਦੰੂ ਦੀ ਇਬਾਰਤ ਰਾਜਸੱਤਾ ਵੱਲੋਂ ਲਿਖਾ ਤੁਰਿਆ । ਜਦੋਂ ਮੇਰੇ ਕੋਲ ਆ ਕੇ ਮੇਰੇ ਪੁੱਤ ਦੇ ਹਾਣ ਦਾ ਕੋਈ ਬੱਚਾ ਜਰੀ ਹੋਈ ਹੋਣੀ ਦਾ ਜ਼ਿਕਰ ਕਰਦਾ ਰਿਹਾ ਮੇਰੇ ਅੰਦਰਲਾ ਔਰਤ ਮਨ ਉਸ ਦੀ ਮਾਂ ਤੇ ਭੈਣ ਦੀ ਥਾਂ ਤੇ ਜਾ ਖੜ੍ਹਦਾ । ਮੈਨੂੰ ਲੱਗਾ ਮੇਰਾ ਵੀ ਕੋਈ ਫ਼ਰਜ਼ ਬਣਦਾ ਹੈ। ਪਰ ਆਪਣੀ ਸਮਰੱਥਾ, ਵਿੱਤ ਅਤੇ ਇੱਛਾ ਅਨੁਸਾਰ ਬਣਦਾ-ਸਰਦਾ ਹਿੱਸਾ ਪਾਉਣ ਹਿਤ ਹੀ ਇੰਨ੍ਹਾ ਸ਼ਬਦਾਂ ਦਾ ਆਸਰਾ ਲਿਆ। ਕੁਝ ਕਹਾਣੀਆਂ ਜਾ ਰਚੀਆਂ । ਮੈਨੂੰ ਮਾਣ ਹੈ ਕਿ ਉਸ ਸਮੇਂ ਦੀਆਂ ਹੰਢਣਸਾਰ ਸਾਂਝਾਂ ਹਾਲੇ ਤੱਕ ਵੀ ਨਾਲ ਨਿਭੀਆਂ ਹਨ ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਾਰੀ ਬਾਰੇ ਬਹੁਵਚਨੀ ਦ੍ਰਿਸ਼ਟੀ
ਡਾ. ਵਨੀਤਾ
Delivered on 19 May 2024, at 9:00 AM - 11 AM, Pacific Time
ਅਸੀਂ ਬਹੁਵਚਨੀਅਤਾ (pluralism) ਬਾਰੇ ਆਪਣੀ ਗੱਲ ਆਧੁਨਿਕ ਗਿਆਨ ਤੋਂ ਸ਼ੁਰੂ ਕਰਕੇ ਗੁਰਬਾਣੀ ਦੀ ਬਹੁਵਚਨੀ ਯਾਨੀ ਕਿ ਸਮਦ੍ਰਿਸ਼ਟੀ ਤੇ ਵਿਚਾਰ ਕਰਨ ਦਾ ਯਤਨ ਕੀਤਾ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਨਾਰੀ ਬਾਰੇ ਗੱਲ ਕਰ ਰਹੇ ਹਾਂ ਤਾਂ ਅਸੀਂ ਆਧੁਨਿਕ ਚਿੰਤਨ ਵਿੱਚ ਖਾਸ ਤੌਰ ਤੇ ਪੱਛਮੀ ਸਿਧਾਂਤਾਂ ਵਿੱਚ ਜੋ ਨਾਰੀਵਾਦ ਜਾਂ ਉੱਤਰਨਾਰੀਵਾਦ ਦਾ ਵਿਕਾਸ ਹੋਇਆ ਹੈ, ਉਹਨਾਂ ਗੱਲਾਂ ਵੱਲ ਮਾਤਰ ਸੰਕੇਤ ਕੀਤੇ ਹਨ ਕਿਉਂਕਿ ਹਰ ਨਾਰੀ ਦੇ ਅਸਤਿਤਵ ਦੀ ਗੱਲ ਕਰਦਿਆਂ ਪੱਛਮੀ ਨਾਰੀਵਾਦੀ ਦ੍ਰਿਸ਼ਟੀਕੋਣ ਉਸਨੂੰ ਅਜਿਹੀ ਸੁਤੰਤਰਤਾ ਵੱਲ ਲੈ ਗਿਆ ਹੈ ਜਿਹੜੀ ਲਗਭਗ ਨਿਰੰਕੁਸ਼ ਹੈ ਅਤੇ ਉਸ ਵਿੱਚ ਬਹੁਵਚਨੀਅਤਾ ਦੀ ਅਜਿਹੀ ਚੇਤਨਾ ਪ੍ਰਵੇਸ਼ ਨਹੀਂ ਕਰਦੀ ਜਿਹੜੀ ਸਾਨੂੰ ਗੁਰਬਾਣੀ ਵਿੱਚੋਂ ਵਿਸ਼ੇਸ਼ਕਰ ਹਾਸਲ ਹੁੰਦੀ ਹੈ। ਇਸ ਚੇਤਨਾ ਦੇ ਨਾਲ-ਨਾਲ ਭਾਰਤ ਵਿੱਚ ਨਾਰੀ ਦੀ ਸਥਿਤੀ ਵੱਲ ਮਿਿਥਹਾਸਕ-ਇਤਿਹਾਸਕ ਸੰਕੇਤਾਂ ਨਾਲ ਜਿਹੜਾ ਨਜ਼ਰੀਆ ਸਾਡਾ ਨਾਰੀ ਬਾਰੇ ਬਹੁਵਚਨੀ ਮਾਡਲ ਗੁਰਬਾਣੀ ਵਿੱਚੋਂ ਮਿਲਦਾ ਹੈ ਉਸਨੂੰ ਵਧੇਰੇ ਸਾਰਥਕ ਮੰਨਦਿਆਂ ਉਸਨੂੰ ਅਜੋਕੇ ਸੰਦਰਭਾਂ ਚ ਵਿਚਾਰਨ ਦਾ ਯਤਨ ਕੀਤਾ ਹੈ। ਕਿਉਂਕਿ ਗੁਰਬਾਣੀ ਸਾਨੂੰ ਘਰ, ਪਰਿਵਾਰ, ਸੱਭਿਆਚਾਰ ਦੇ ਸੰਕਲਪਾਂ, ਰੂਪਕਾਂ ਦੁਆਰਾ ਸੁਚੱਜੀ ਸਮਦ੍ਰਿਸ਼ਟ ਜੀਵਨ ਜਾਚ ਦੇ ਸੁਨੇਹੇ ਦੇ ਨਾਲ-ਨਾਲ ਨਾਰੀ ਦੀਆਂ ਬਹੁਧੁਨੀਆਂ ਤੇ ਬਹੁਵਚਨੀਅਤਾ ਦਾ ਜਿਹੜਾ ਮਾਡਲ ਸਾਡੇ ਸਾਹਵੇਂ ਰੱਖਦੀ ਹੈ ਉਹ ਪੱਛਮ ਦੇ ਵਿਿਮਨ ਪਲੂਰਲਿਜ਼ਮ ਤੋਂ ਸਾਨੂੰ ਵਧੇਰੇ ਸਾਰਥਕ ਜਾਪਦਾ ਹੈ। ਗੁਰੂ ਸਾਹਿਬ ਨੇ ਆਪ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੇ ਆਪ ਨੂੰ ਮਹਿਲਾ ਰੂਪ ਚ ਦਰਸਾ ਕੇ ਬਰਾਬਰਤਾ ਦਾ ਪੈਗ਼ਾਮ ਤਾਂ ਦਿੱਤਾ ਹੀ ਹੈ ਨਾਲ ਹੀ ਸਾਨੂੰ ਇਹ ਜਾਪਦਾ ਹੈ ਕਿ ਜਿਵੇਂ ਬਹੁਵਚਨੀਅਤਾ ਜਾਂ ਪਲੂਰਲਿਜ਼ਮ ਇੱਕ ਦੂਜੇ ਦੇ ਮਾਨ-ਸਨਮਾਨ ਨੂੰ ਬਚਾਉਂਦਾ ਹੈ ਇਸ ਬਾਰੇ ਸਮਦ੍ਰਿਸ਼ਟੀ ਦੇ ਤੌਰ ਤੇ ਹੋਰ ਸੋਚਿਆ ਜਾਣਾ ਚਾਹੀਦਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਸਮੁੱਚੇ ਰੂਪ ਵਿੱਚ ਉਸ ਪਲੂਰਲਿਜ਼ਮ ਨੂੰ ਸੰਚਾਰਿਆ ਹੈ ਜਿਸ ਦੀ ਅੱਜ ਦੇ ਮਨੁੱਖ ਨੂੰ ਵੱਧ ਤਲਾਸ਼ ਹੈ।
ਸਹਿਜੇ ਰਚਿਓ ਖ਼ਾਲਸਾ ਅਤੇ ਸਿੱਖ ਇਤਿਹਾਸਕਾਰੀ
ਪ੍ਰਭਸ਼ਰਨਦੀਪ ਸਿੰਘ
Delivered on Sunday, 12 May 2024, at 1 PM - 4 PM, Pacific Time
Public Lecture, Open to All
ਇਤਿਹਾਸ ਕੀ ਹੈ?
ਫ਼ਲਸਫ਼ਾ ਅਤੇ ਇਤਿਹਾਸਕਾਰੀ
ਇਤਿਹਾਸਕਾਰੀ ਦੀਆਂ ਸਮੱਸਿਆਵਾਂ
ਸਿੱਖ ਇਤਿਹਾਸ ਵਿੱਚ ਖੜ੍ਹੇ ਕੀਤੇ ਵਿਗਾੜ
ਕਵੀ ਅਤੇ ਇਤਿਹਾਸ
ਸਹਿਜੇ ਰਚਿਓ ਖ਼ਾਲਸਾ: ਬਿਪਰ ਸੰਸਕਾਰ ਤੇ ਸਿੱਖ ਸੁਰਤਿ
Prabhsharandeep Singh
Delivered on April 27, 2024, at 10 AM - 12 PM PST
ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਸਹਿਜੇ ਰਚਿਓ ਖ਼ਾਲਸਾ ਸਿੱਖ ਫ਼ਲਸਫ਼ੇ ਦੀ ਕਿਤਾਬ ਹੈ। ਇਹ ਪੰਜਾਬੀ ਵਿੱਚ ਕਿਸੇ ਸਿੱਖ ਵਿਦਵਾਨ ਵੱਲੋਂ ਆਧੁਨਿਕ ਮੁਹਾਵਰੇ ਵਿੱਚ ਲਿਖੀ ਗਈ ਫ਼ਲਸਫ਼ੇ ਦੀ ਪਹਿਲੀ ਕਿਤਾਬ ਹੈ। ਮਹਿਬੂਬ ਸਾਹਿਬ ਨੇ ਇਸ ਕਿਤਾਬ ਵਿੱਚ ਵਿਸ਼ਵ ਧਰਮਾਂ ਅਤੇ ਵਿਸ਼ਵ ਫ਼ਲਸਫ਼ੇ ਨਾਲ਼ ਸੰਵਾਦ ਦੇ ਅਮਲ ਵਿੱਚੋਂ ਇਤਿਹਾਸਿਕ ਅਮਲ ਦੇ ਸੰਦਰਭ ਵਿੱਚ ਸਿੱਖੀ ਦੀ ਵਿਆਖਿਆ ਕਰਨ ਦਾ ਉਪਰਾਲਾ ਕੀਤਾ ਹੈ।
ਸਿੱਖ ਵਿਦਿਆਰਥੀਆਂ ਅਤੇ ਵਿਚਾਰਵਾਨਾਂ ਲਈ ਇਸ ਕਿਤਾਬ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਦੀ ਮੁੱਖ ਵਜ੍ਹਾ ਹੈ ਕਿ ਇਹ ਕਿਤਾਬ ਪੱਛਮੀ ਅਤੇ ਪੂਰਬੀ ਫ਼ਲਸਫ਼ਿਆਂ ਦੇ ਬਰਾਬਰ ਸਿੱਖ ਫ਼ਲਸਫ਼ੇ ਦਾ ਆਪਣਾ ਪਸਾਰ ਸਿਰਜਦੀ ਹੈ। ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਫ਼ਲਸਫ਼ੇ ਨਾਲ਼ ਸੰਵਾਦ ਵਿੱਚ ਆਉਣਾ ਨਿੱਜੀ ਚੋਣ ਦਾ ਸੁਆਲ ਨਹੀਂ ਹੈ। ਧਰਮ, ਸਾਹਿਤ, ਇਤਿਹਾਸ, ਰਾਜਨੀਤੀ ਵਿਗਿਆਨ, ਜਾਂ ਅਰਥਸ਼ਾਸਤਰ ਆਦਿ ਕਿਸੇ ਵੀ ਵਿਸ਼ੇ ਦੇ ਸਰੂਪ ਅਤੇ ਅਧਿਐਨ ਪਿੱਛੇ ਕੋਈ ਨਾ ਕੋਈ ਫ਼ਲਸਫ਼ਾ ਕਾਰਜਸ਼ੀਲ ਹੁੰਦਾ ਹੈ। ਜਦੋਂ ਫ਼ਲਸਫ਼ਾ ਜੀਵਨ ਦੀ ਹਰ ਇੱਕ ਇਕਾਈ ਨੂੰ ਪਰਿਭਾਸ਼ਿਤ ਕਰ ਕੇ ਕਿਸੇ ਨਾ ਕਿਸੇ ਸਾਂਚੇ ਵਿੱਚ ਢਾਲ਼ ਰਿਹਾ ਹੈ ਤਾਂ ਇਸ ਤੋਂ ਪਾਸਾ ਵੱਟ ਕੇ ਗੁਜ਼ਾਰਾ ਕਰਨਾ ਸੰਭਵ ਨਹੀਂ। ਸਥਾਪਿਤ ਫ਼ਲਸਫ਼ਾਨਾ ਲੀਹਾਂ ਦੇ ਬਰਾਬਰ ਆਪਣਾ ਰਾਹ ਬਣਾਉਣਾ ਹੀ ਹੱਲ ਹੈ। ਮਹਿਬੂਬ ਸਾਹਿਬ ਨੇ ਸਹਿਜੇ ਰਚਿਓ ਖ਼ਾਲਸਾ ਦੇ ਰੂਪ ਵਿੱਚ ਇਹ ਟੀਚਾ ਬੜੇ ਵਿਲੱਖਣ ਅਤੇ ਪ੍ਰਬੀਨ ਅੰਦਾਜ਼ ਵਿੱਚ ਸਰ ਕੀਤਾ ਹੈ। ਮਹਿਬੂਬ ਸਾਹਿਬ ਪੱਛਮੀ ਫ਼ਲਸਫ਼ੇ ਦੇ ਬਰਾਬਰ ਆਪਣਾ ਨਿਆਰਾ ਫ਼ਲਸਫ਼ਾਨਾ ਪਸਾਰ ਸਿਰਜਣ ਵਿੱਚ ਕਾਮਯਾਬ ਹੋਏ ਹਨ। ਇਸ ਸਫਲਤਾ ਪਿੱਛੇ ਉਹਨਾਂ ਦੇ ਕਵੀ ਹੋਣ ਦੀ ਵੀ ਵੱਡੀ ਭੂਮਿਕਾ ਹੈ।
ਤੀਜਾ ਘੱਲੂਘਾਰਾ: ਸੰਤ ਸਿੰਘ ਸੇਖੋਂ ਦੇ ਪੰਜਾਬ ਸੰਕਟ ਬਾਰੇ ਲੇਖ
ਡਾ. ਤੇਜਵੰਤ ਸਿੰਘ ਗਿੱਲ
Delivered on Saturday, February 10, 2024, at 10 AM - 12 PM (Pacific Time)
ਡਾ. ਤੇਜਵੰਤ ਸਿੰਘ ਗਿੱਲ ਨਾਲ਼ ਇਹ ਵਿਚਾਰ-ਚਰਚਾ ਡਾ. ਦਰਸ਼ਨ ਸਿੰਘ ਤਾਤਲਾ ਜੀ ਦੀ ਸੰਪਾਦਿਤ ਕੀਤੀ ਕਿਤਾਬ ਤੀਜਾ ਘੱਲੂਘਾਰਾ: ਸੰਤ ਸਿੰਘ ਸੇਖੋਂ ਦੇ ਪੰਜਾਬ ਸੰਕਟ ਬਾਰੇ ਲੇਖ ਬਾਰੇ ਹੈ। ਇਸ ਕਿਤਾਬ ਵਿੱਚ ਪ੍ਰਿੰ. ਸੰਤ ਸਿੰਘ ਸੇਖੋਂ ਦੇ ਜੂਨ ਚੁਰਾਸੀ ਦੇ ਘੱਲੂਘਾਰੇ ਅਤੇ ਉਸ ਤੋਂ ਬਾਅਦ ਚੱਲੀ ਸਿੱਖ ਲਹਿਰ ਬਾਰੇ ਲੇਖ ਹਨ। ਪ੍ਰਿੰ. ਸੇਖੋਂ ਪੰਜਾਬੀ ਦੇ ਸਿਰਮੌਰ ਮਾਰਕਸਵਾਦੀ ਸਾਹਿਤਕਾਰ ਅਤੇ ਆਲੋਚਕ ਰਹੇ ਹਨ। ਪੰਜਾਬ ਦੇ ਜ਼ਿਆਦਾਤਰ ਮਾਰਕਸਵਾਦੀ ਲੇਖਕ ਅਤੇ ਆਲੋਚਕ ਭਾਰਤੀ ਸਥਾਪਤੀ ਦੇ ਹੱਕ ਵਿੱਚ ਅਤੇ ਸਿੱਖਾਂ ਦੇ ਖ਼ਿਲਾਫ਼ ਭੁਗਤਦੇ ਰਹੇ ਹਨ। ਇਸ ਦੇ ਉਲ਼ਟ ਪ੍ਰਿੰ. ਸੇਖੋਂ ਨੇ ਆਪਣੀ ਆਜ਼ਾਦ ਪਹੁੰਚ ਅਪਣਾਈ ਅਤੇ ਵੱਖ-ਵੱਖ ਸਮਿਆਂ ਤੇ ਬੜੀ ਸਾਫ਼ਗੋਈ ਨਾਲ਼ ਆਪਣਾ ਨਜ਼ਰੀਆ ਸਾਂਝਾ ਕੀਤਾ। ਹਥਲੀ ਵਿਚਾਰ-ਚਰਚਾ ਸੇਖੋਂ ਸਾਹਿਬ ਦੇ ਦ੍ਰਿਸ਼ਟੀਕੋਣ ਨਾਲ਼ ਆਲੋਚਨਾਤਮਕ ਸੰਵਾਦ ਰਚਾਉਣ ਦਾ ਉਪਰਾਲਾ ਹੈ।
The Construction of Religious Boundaries: A Critical Analysis (Part 2)
Prabhsharandeep Singh
Delivered on December 23, 2023, at 11 am PST
Published in 1994, Harjot Oberoi’s work The Construction of Religious Boundaries: Culture, Identity, and Diversity in the Sikh Tradition has been influential in the field of Sikh Studies. In this work, Oberoi has examined the emergence of the idea of “Sikhism” in colonial Punjab. Despite its limited influence, Oberoi’s theoretical framework and his historiography still require critical examination. This lecture will offer a fresh reading of the indigenous Sikh sources to examine the validity of Oberoi’s claims about the role of colonial agency in the process of religion-making among the Sikhs.
Land Acknowledgment
We acknowledge and respect the traditional, ancestral, and unceded territories of the Coast Salish Peoples, including the xʷməθkʷəy̓əm (Musqueam), Sḵwx̱wú7mesh (Squamish), and Sel̓íl̓witulh (Tsleil-Waututh) Nations, on which the Vancouver Institute of Interdisciplinary Studies operates. We honour and recognize these nations as the true stewards of this land and are grateful to have the opportunity to work, study, and learn on this territory.